(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।
ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
ਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥
ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,
ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,
ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,
(ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।
ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥
(ਜੋਗੀਆਂ ਦਾ ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?
ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?
ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?
ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ?
ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?
ਨਾਨਕ ਕਹਿੰਦਾ ਹੈ, 'ਗੋਸਟਿ' ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥
(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),
ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।
(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)
(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ।