ਸਿਧ ਗੋਸਟਿ

(ਅੰਗ: 12)


ਕਵਣ ਮੂਲੁ ਕਵਣ ਮਤਿ ਵੇਲਾ ॥

(ਪ੍ਰਸ਼ਨ:)-(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ?

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥

ਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?

ਕਵਣ ਕਥਾ ਲੇ ਰਹਹੁ ਨਿਰਾਲੇ ॥

ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?

ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥

ਨਾਨਕ ਕਹਿੰਦਾ ਹੈ (ਜੋਗੀਆਂ ਨੇ ਕਿਹਾ-) ਹੇ ਬਾਲਕ (ਨਾਨਕ!) ਸੁਣ,

ਏਸੁ ਕਥਾ ਕਾ ਦੇਇ ਬੀਚਾਰੁ ॥

(ਅਸਾਨੂੰ) ਇਸ ਗੱਲ ਦੀ ਭੀ ਵਿਚਾਰ ਦੱਸ,

ਭਵਜਲੁ ਸਬਦਿ ਲੰਘਾਵਣਹਾਰੁ ॥੪੩॥

(ਅਸਾਨੂੰ ਇਹ ਗੱਲ ਭੀ ਸਮਝਾ ਕਿ ਕਿਵੇਂ) ਸ਼ਬਦ ਦੀ ਰਾਹੀਂ (ਗੁਰੂ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ॥੪੩॥

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥

(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।

ਅਕਥ ਕਥਾ ਲੇ ਰਹਉ ਨਿਰਾਲਾ ॥

ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।

ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥

ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।

ਏਕੁ ਸਬਦੁ ਜਿਤੁ ਕਥਾ ਵੀਚਾਰੀ ॥

ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,

ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥

(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਮੈਣ ਕੇ ਦੰਤ ਕਿਉ ਖਾਈਐ ਸਾਰੁ ॥

(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?

ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥

ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?

ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥

ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,

ਕਵਨ ਗੁਫਾ ਜਿਤੁ ਰਹੈ ਅਵਾਹਨੁ ॥

ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?

ਇਤ ਉਤ ਕਿਸ ਕਉ ਜਾਣਿ ਸਮਾਵੈ ॥

ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?

ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥

ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥

ਹਉ ਹਉ ਮੈ ਮੈ ਵਿਚਹੁ ਖੋਵੈ ॥

(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,

ਦੂਜਾ ਮੇਟੈ ਏਕੋ ਹੋਵੈ ॥

ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।