ਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ,
ਹੇ ਨਾਨਕ! ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ॥੩੯॥
ਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ)।
(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ)।
ਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ;
ਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ)।
(ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ,
ਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ॥੪੦॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ,
ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਲੈਂਦਾ ਹੈ।
ਗੁਰੂ ਦੇ ਸਨਮੁਖ ਮਨੁੱਖ ਖੋਟੇ ਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ।
(ਇਸ ਵਾਸਤੇ ਖੋਟੇ ਕੰਮਾਂ ਵਿਚ ਫਸਦਾ ਨਹੀਂ ਤੇ) ਅਡੋਲਤਾ ਵਿਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ।
ਗੁਰਮੁਖਿ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ।
(ਇਸ ਤਰ੍ਹਾਂ) ਹੇ ਨਾਨਕ! ਗੁਰਮੁਖ (ਦੀ ਜ਼ਿੰਦਗੀ) ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੋਕ ਨਹੀਂ ਪੈਂਦੀ ॥੪੧॥
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ,
(ਕਿਉਂਕਿ) ਉਹ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ।
ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ,
ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ।
ਸੱਚੇ ਨਾਮ ਵਿਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ।
ਹੇ ਨਾਨਕ! ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ (ਭਾਵ, ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾਂ ਵਿਚ ਮੌਜੂਦ ਹੈ) ॥੪੨॥