ਸਿਧ ਗੋਸਟਿ

(ਅੰਗ: 10)


ਗੁਰਮੁਖਿ ਪਾਵੈ ਦਰਗਹ ਮਾਨੁ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।

ਗੁਰਮੁਖਿ ਭਉ ਭੰਜਨੁ ਪਰਧਾਨੁ ॥

ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ-ਸਹਿਮ ਨਾਸ ਕਰਨ ਵਾਲਾ ਹੈ ਤੇ ਜੋ ਸਭ ਦਾ ਮਾਲਕ ਹੈ।

ਗੁਰਮੁਖਿ ਕਰਣੀ ਕਾਰ ਕਰਾਏ ॥

ਗੁਰਮੁਖ ਮਨੁੱਖ (ਹੋਰਨਾਂ ਪਾਸੋਂ ਭੀ ਇਹੀ, ਭਾਵ, ਗੁਰੂ ਦੇ ਹੁਕਮ ਵਿਚ ਤੁਰਨ ਵਾਲਾ) ਕਰਨ-ਜੋਗ ਕੰਮ ਕਰਾਂਦਾ ਹੈ,

ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥

(ਤੇ ਇਸ ਤਰ੍ਹਾਂ ਉਹਨਾਂ ਨੂੰ) ਹੇ ਨਾਨਕ! (ਪ੍ਰਭੂ ਦੇ) ਮੇਲ ਵਿਚ ਮਿਲਾ ਦੇਂਦਾ ਹੈ ॥੩੬॥

ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ (ਮਾਨੋ) ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁਕਾ ਹੈ, (ਭਾਵ, ਗੁਰੂ ਦੇ ਹੁਕਮ ਵਿਚ ਤੁਰਨਾ ਹੀ ਗੁਰਮੁਖਿ ਲਈ ਵੇਦਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਗਿਆਨ ਹੈ)।

ਗੁਰਮੁਖਿ ਪਾਵੈ ਘਟਿ ਘਟਿ ਭੇਦ ॥

ਗੁਰੂ ਦੇ ਹੁਕਮ ਵਿਚ ਤੁਰ ਕੇ ਉਹ ਹਰੇਕ ਘਟ ਵਿਚ ਵਿਆਪਕ ਪ੍ਰਭੂ ਦਾ (ਸਰਬ-ਵਿਆਪਕਤਾ ਦਾ) ਭੇਤ ਸਮਝ ਲੈਂਦਾ ਹੈ,

ਗੁਰਮੁਖਿ ਵੈਰ ਵਿਰੋਧ ਗਵਾਵੈ ॥

(ਇਸ ਵਾਸਤੇ) ਗੁਰਮੁਖਿ (ਦੂਜਿਆਂ ਨਾਲ) ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ,

ਗੁਰਮੁਖਿ ਸਗਲੀ ਗਣਤ ਮਿਟਾਵੈ ॥

ਇਸ ਵੈਰ-ਵਿਰੋਧ ਦਾ) ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ਇਹ ਸੋਚ ਮਨ ਵਿਚ ਆਉਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ)।

ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤਾ ਰਹਿੰਦਾ ਹੈ।

ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥

ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਨੇ ਖਸਮ (-ਪ੍ਰਭੂ) ਨੂੰ ਪਛਾਣ ਲਿਆ ਹੈ ॥੩੭॥

ਬਿਨੁ ਗੁਰ ਭਰਮੈ ਆਵੈ ਜਾਇ ॥

ਸਤਿਗੁਰੂ (ਦੀ ਸਰਨ ਆਉਣ) ਤੋਂ ਬਿਨਾ (ਮਨੁੱਖ ਮਾਇਆ ਵਿਚ) ਭਟਕਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ।

ਬਿਨੁ ਗੁਰ ਘਾਲ ਨ ਪਵਈ ਥਾਇ ॥

ਗੁਰ-ਸਰਣ ਤੋਂ ਬਿਨਾ ਕੋਈ ਮੇਹਨਤ ਕਬੂਲ ਨਹੀਂ ਪੈਂਦੀ (ਕਿਉਂਕਿ "ਹਉ" ਟਿਕੀ ਰਹਿੰਦੀ ਹੈ)।

ਬਿਨੁ ਗੁਰ ਮਨੂਆ ਅਤਿ ਡੋਲਾਇ ॥

ਸਤਿਗੁਰੂ ਤੋਂ ਬਿਨਾ ਇਹ ਚੰਚਲ ਮਨ ਬਹੁਤ ਸਂਹਸਿਆਂ ਵਿਚ ਰਹਿੰਦਾ ਹੈ,

ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥

ਸਤਿਗੁਰੂ ਤੋਂ ਬਿਨਾ ਇਹ ਜ਼ਹਿਰ ਖਾ ਖਾ ਕੇ (ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ) ਰੱਜੀਦਾ ਨਹੀਂ।

ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥

ਗੁਰੂ (ਦੇ ਰਾਹ ਤੇ ਤੁਰਨ) ਤੋਂ ਬਿਨਾ (ਜਗਤ ਦਾ ਮੋਹ-ਰੂਪ) ਸੱਪ ਡੰਗ ਮਾਰਦਾ ਰਹਿੰਦਾ ਹੈ, (ਜ਼ਿੰਦਗੀ ਦੇ ਸਫ਼ਰ ਦੇ) ਅੱਧ ਵਿਚ ਹੀ (ਆਤਮਕ ਮੌਤੇ) ਮਰੀਦਾ ਹੈ।

ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥

ਹੇ ਨਾਨਕ! ਸਤਿਗੁਰੂ ਦੇ (ਹੁਕਮ ਵਿਚ ਤੁਰਨ) ਤੋਂ ਬਿਨਾ ਮਨੁੱਖ ਨੂੰ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ ॥੩੮॥

ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥

ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ "ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ,

ਅਵਗਣ ਮੇਟੈ ਗੁਣਿ ਨਿਸਤਾਰੈ ॥

ਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਮੁਕਤਿ ਮਹਾ ਸੁਖ ਗੁਰਸਬਦੁ ਬੀਚਾਰਿ ॥

ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ।

ਗੁਰਮੁਖਿ ਕਦੇ ਨ ਆਵੈ ਹਾਰਿ ॥

ਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ।