(ਪ੍ਰਭੂ ਦੇ) ਨਾਮ ਵਿਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
ਪ੍ਰਭੂ-ਨਾਮ ਵਿਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ-ਕਰਮ ਹੈ।
ਨਾਮ ਵਿਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ।
ਨਾਮ ਵਿਚ ਰੱਤੇ ਰਿਹਾਂ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ।
(ਪ੍ਰਭੂ ਦੇ) ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ।
ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੱਤੇ ਹੋਏ ਹਨ, ਉਹਨਾਂ ਨੂੰ (ਸਾਡੀ) ਨਮਸਕਾਰ ਹੈ ॥੩੩॥
(ਪ੍ਰਭੂ ਦਾ) ਨਾਮ ਗੁਰੂ ਤੋਂ ਮਿਲਦਾ ਹੈ;
ਸੱਚੇ ਪ੍ਰਭੂ ਵਿਚ ਲੀਨ ਰਹਿਣਾ-ਇਹੀ ਹੈ (ਅਸਲ) ਜੋਗ ਦੀ ਜੁਗਤੀ।
(ਪਰ) ਜੋਗੀ ਲੋਕ (ਆਪਣੇ) ਬਾਰਾਂ ਫ਼ਿਰਕਿਆਂ (ਦੀ ਵੰਡ) ਵਿਚ (ਇਸ ਅਸਲ ਨਿਸ਼ਾਨੇ ਤੋਂ) ਭੁੱਲ ਰਹੇ ਹਨ ਤੇ ਸੰਨਿਆਸੀ ਲੋਕ (ਆਪਣੇ) ਦਸ ਫ਼ਿਰਕਿਆਂ (ਦੇ ਵਖੋ ਵੱਖ ਸਾਧਨਾਂ) ਵਿਚ।
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਵਲੋਂ) ਮਰ ਕੇ ਜਿਊਂਦਾ ਹੈ ਉਹ (ਹਉਮੈ ਤੋਂ) ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਆਪਣਾ ਜ਼ਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਸਾਰੇ ਲੋਕ (ਪ੍ਰਭੂ ਨੂੰ ਛੱਡ ਕੇ) ਹੋਰ (ਰੁਝੇਵੇਂ) ਵਿਚ ਲੱਗੇ ਰਹਿੰਦੇ ਹਨ।
ਹੇ ਨਾਨਕ! ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ ॥੩੪॥
ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਪ੍ਰਭੂ ਵਿਚ) ਸੁਰਤ ਜੋੜ ਕੇ ਪ੍ਰਭੂ-ਨਾਮ-ਰੂਪ ਰਤਨ ਲੱਭ ਲੈਂਦਾ ਹੈ,
ਉਹ ਮਨੁੱਖ (ਇਸ) ਆਪਣੀ ਲਗਨ ਨਾਲ ਹੀ ਨਾਮ-ਰਤਨ ਦੀ ਕਦਰ ਜਾਣ ਲੈਂਦਾ ਹੈ।
(ਬੱਸ! ਇਹੀ) ਸੱਚੀ ਕਾਰ ਗੁਰਮੁਖ ਕਮਾਂਦਾ ਹੈ,
ਤੇ ਗੁਰਮੁਖ ਸੱਚੇ ਪ੍ਰਭੂ ਵਿਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ।
(ਜਦੋਂ) ਉਸ ਪ੍ਰਭੂ ਨੂੰ ਭਾਉਂਦਾ ਹੈ ਤਾਂ ਗੁਰਮੁਖ ਉਸ ਅਲੱਖ ਪ੍ਰਭੂ (ਦੇ ਗੁਣਾਂ ਦੀ ਹੋਰਨਾਂ ਨੂੰ ਭੀ) ਸੂਝ ਪਾ ਦੇਂਦਾ ਹੈ।
ਹੇ ਨਾਨਕ! ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ (ਵਿਕਾਰਾਂ ਦੀ) ਮਾਰ ਨਹੀਂ ਖਾਂਦਾ ॥੩੫॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦਾ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਪ੍ਰਵਾਨ ਹੈ।
ਗੁਰੂ ਦੇ ਸਨਮੁਖ ਹੋਇਆਂ ਹੀ ਅਡੋਲ ਅਵਸਥਾ ਵਿਚ ਸੁਰਤ ਜੁੜਦੀ ਹੈ।