ਸਿਧ ਗੋਸਟਿ

(ਅੰਗ: 8)


ਸਬਦਿ ਭੇਦਿ ਜਾਣੈ ਜਾਣਾਈ ॥

(ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪ੍ਰੋ ਕੇ (ਪ੍ਰਭੂ ਨੂੰ) ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ।

ਨਾਨਕ ਹਉਮੈ ਜਾਲਿ ਸਮਾਈ ॥੨੯॥

ਹੇ ਨਾਨਕ! ਗੁਰਮੁਖ (ਆਪਣੀ) ਹਉਮੈ (ਖ਼ੁਦ-ਗ਼ਰਜ਼ੀ) ਸਾੜ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੨੯॥

ਗੁਰਮੁਖਿ ਧਰਤੀ ਸਾਚੈ ਸਾਜੀ ॥

ਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ (ਪੈਦਾ ਕਰਨ) ਵਾਸਤੇ ਧਰਤੀ ਬਣਾਈ ਹੈ;

ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥

ਇਸ ਧਰਤੀ ਵਿਚ ਉਤਪੱਤੀ ਤੇ ਨਾਸ (ਗੁਰਮੁਖਤਾ ਦੇ ਵਿਕਾਸ ਲਈ) ਇਕ ਖੇਡ ਹੈ;

ਗੁਰ ਕੈ ਸਬਦਿ ਰਪੈ ਰੰਗੁ ਲਾਇ ॥

ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ (ਪ੍ਰਭੂ ਦੇ ਰੰਗ ਵਿਚ) ਰੰਗਿਆ ਜਾਂਦਾ ਹੈ,

ਸਾਚਿ ਰਤਉ ਪਤਿ ਸਿਉ ਘਰਿ ਜਾਇ ॥

ਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਵਿਚ ਅੱਪੜਦਾ ਹੈ (ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ)।

ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥

ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇਜ਼ਤ ਹਾਸਲ ਨਹੀਂ ਕਰ ਸਕਦਾ।

ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿਚ ਮਨੁੱਖ ਕਿਵੇਂ ਸਮਾ ਸਕਦਾ ਹੈ? (ਨਹੀਂ ਸਮਾ ਸਕਦਾ) ॥੩੦॥

ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥

ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ,

ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥

ਗੁਰੂ ਦੇ ਸਨਮੁਖ ਹੋਇਆਂ ਸੰਸਾਰ-ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ।

ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ,

ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥

ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀਹ ਛੱਡਣਾ ਹੈ ਤੇ ਕੀਹ ਗ੍ਰਹਣ ਕਰਨਾ ਹੈ।

ਗੁਰਮੁਖਿ ਤਾਰੇ ਪਾਰਿ ਉਤਾਰੇ ॥

ਗੁਰਮੁਖ ਮਨੁੱਖ (ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ) ਤਾਰ ਕੇ ਪਾਰਲੇ ਕੰਢੇ ਲਾ ਦੇਂਦਾ ਹੈ।

ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥

ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ (ਗੁਰੂ ਦੇ) ਸ਼ਬਦ ਦੀ ਰਾਹੀਂ (ਦੂਜਿਆਂ ਨੂੰ ਭੀ) ਤਾਰ ਦੇਂਦਾ ਹੈ ॥੩੧॥

ਨਾਮੇ ਰਾਤੇ ਹਉਮੈ ਜਾਇ ॥

(ਪ੍ਰਭੂ ਦੇ) ਨਾਮ ਵਿਚ ਹੀ ਰੱਤੇ ਹੋਏ ਦੀ ਹਉਮੈ ਨਾਸ ਹੁੰਦੀ ਹੈ।

ਨਾਮਿ ਰਤੇ ਸਚਿ ਰਹੇ ਸਮਾਇ ॥

ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਪ੍ਰਭੂ ਵਿਚ ਸਮਾਏ ਰਹਿੰਦੇ ਹਨ।

ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥

ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤਿ ਤੇ ਸਹੀ ਵੀਚਾਰ ਪ੍ਰਾਪਤ ਹੋਈ ਹੈ।

ਨਾਮਿ ਰਤੇ ਪਾਵਹਿ ਮੋਖ ਦੁਆਰੁ ॥

ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਣ ਦਾ ਰਾਹ ਲੱਭਦੇ ਹਨ,

ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥

(ਕਿਉਂਕਿ) ਨਾਮ ਵਿਚ ਰੱਤੇ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ (ਭਾਵ, ਆਪਣੀ ਨਿੱਕੀ ਜਿਹੀ ਅਪਣੱਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿੱਸਦੀ ਹੈ)।

ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲਦਾ ਹੈ ॥੩੨॥