ਸਿਧ ਗੋਸਟਿ

(ਅੰਗ: 7)


ਮਨਮੁਖਿ ਭਰਮਿ ਭਵੈ ਬੇਬਾਣਿ ॥

ਭੁਲੇਖੇ ਵਿਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿਚ ਭਟਕ ਰਿਹਾ ਹੈ,

ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥

ਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)।

ਸਬਦੁ ਨ ਚੀਨੈ ਲਵੈ ਕੁਬਾਣਿ ॥

(ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ।

ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥

ਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿਚ ਰੰਗਿਆ ਹੋਇਆ ਹੈ ॥੨੬॥

ਗੁਰਮੁਖਿ ਸਾਚੇ ਕਾ ਭਉ ਪਾਵੈ ॥

ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਗੁਰਮੁਖਿ ਬਾਣੀ ਅਘੜੁ ਘੜਾਵੈ ॥

ਗੁਰੂ ਦੀ ਬਾਣੀ ਦੀ ਰਾਹੀਂ ਅਮੋੜ-ਮਨ ਨੂੰ ਸੁਚੱਜਾ ਬਣਾਂਦਾ ਹੈ,

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

ਨਿਰਮਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥

(ਤੇ ਇਸ ਤਰ੍ਹਾਂ) ਪਵਿਤ੍ਰ ਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

ਗੁਰਮੁਖਿ ਮਨੁੱਖ ਤਨੋਂ ਮਨੋਂ ਪਰਮਾਤਮਾ ਨੂੰ ਯਾਦ ਕਰਦਾ ਹੈ,

ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥

ਹੇ ਨਾਨਕ! (ਬੰਦਗੀ ਦੀ ਰਾਹੀਂ) ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੭॥

ਗੁਰਮੁਖਿ ਪਰਚੈ ਬੇਦ ਬੀਚਾਰੀ ॥

ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ (ਭਾਵ, ਜਿਸ ਨੂੰ ਸਤਿਗੁਰੂ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ) ਉਹ (ਮਾਨੋ) ਵੇਦਾਂ ਦਾ ਗਿਆਤਾ ਹੋ ਗਿਆ ਹੈ (ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ)।

ਗੁਰਮੁਖਿ ਪਰਚੈ ਤਰੀਐ ਤਾਰੀ ॥

ਗੁਰੂ ਨਾਲ ਡੂੰਘੀ ਸਾਂਝ ਬਣਾਇਆਂ ਸੰਸਾਰ-ਸਮੁੰਦਰ ਤੋਂ ਤਰ ਜਾਈਦਾ ਹੈ,

ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥

ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਵਾਲਾ ਹੋ ਜਾਈਦਾ ਹੈ,

ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥

ਤੇ ਗੁਰ-ਸ਼ਬਦ ਦੀ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ।

ਗੁਰਮੁਖਿ ਪਾਈਐ ਅਲਖ ਅਪਾਰੁ ॥

ਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਤੇ ਬੇ-ਅੰਤ ਪ੍ਰਭੂ ਮਿਲ ਪੈਂਦਾ ਹੈ;

ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥

ਹੇ ਨਾਨਕ! ਗੁਰੂ ਦੀ ਰਾਹੀਂ ਹੀ (ਹਉਮੈ ਤੋਂ) ਖ਼ਲਾਸੀ ਦਾ ਰਸਤਾ ਲੱਭਦਾ ਹੈ ॥੨੮॥

ਗੁਰਮੁਖਿ ਅਕਥੁ ਕਥੈ ਬੀਚਾਰਿ ॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਗੁਰੂ ਦੀ ਦੱਸੀ) ਵੀਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ,

ਗੁਰਮੁਖਿ ਨਿਬਹੈ ਸਪਰਵਾਰਿ ॥

(ਇਸ ਤਰ੍ਹਾਂ) ਗੁਰਮੁਖ ਘਰਬਾਰੀ ਹੁੰਦਾ ਹੋਇਆ ਹੀ (ਜ਼ਿੰਦਗੀ ਦੀ ਬਾਜ਼ੀ ਵਿਚ) ਪੁੱਗ ਜਾਂਦਾ ਹੈ।

ਗੁਰਮੁਖਿ ਜਪੀਐ ਅੰਤਰਿ ਪਿਆਰਿ ॥

ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ,

ਗੁਰਮੁਖਿ ਪਾਈਐ ਸਬਦਿ ਅਚਾਰਿ ॥

ਤੇ ਗੁਰਸ਼ਬਦ ਦੀ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ।