ਸਿਧ ਗੋਸਟਿ

(ਅੰਗ: 6)


ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥

ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥

ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥

(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥

ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।

ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥

(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥

ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥

(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,

ਸੋ ਜੋਗੀ ਗੁਰਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥

(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥

ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥

ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।

ਆਵਾ ਗਉਣੁ ਮਿਟੈ ਗੁਰਸਬਦੀ ਆਪੇ ਪਰਖੈ ਬਖਸਿ ਲਇਆ ॥

ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥

(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥

(ਇਹ ਭੇਤ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦੇ ਕਾਰਨ ਉਹ ਮਨੁੱਖ (ਹਉਮੈ ਤੋਂ) ਆਜ਼ਾਦ ਹੋ ਜਾਂਦਾ ਹੈ।

ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥

ਹੇ ਨਾਨਕ! ਜਿਸ ਨੇ ਹਉਮੈ ਤੇ ਦੂਜਾ-ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਣਹਾਰ ਪ੍ਰਭੂ ਤਾਰ ਲੈਂਦਾ ਹੈ ॥੨੫॥

ਮਨਮੁਖਿ ਭੂਲੈ ਜਮ ਕੀ ਕਾਣਿ ॥

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਜੀਵਨ ਦਾ ਸਹੀ ਰਸਤਾ) ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿਚ ਹੋ ਜਾਂਦਾ ਹੈ,

ਪਰ ਘਰੁ ਜੋਹੈ ਹਾਣੇ ਹਾਣਿ ॥

ਪਰਾਇਆ ਘਰ ਤੱਕਦਾ ਹੈ, ਉਸ ਨੂੰ (ਇਸ ਕੁਕਰਮ ਵਿਚ) ਘਾਟਾ ਹੀ ਘਾਟਾ ਰਹਿੰਦਾ ਹੈ।