ਸਿਧ ਗੋਸਟਿ

(ਅੰਗ: 5)


ਬਿਨੁ ਦੰਤਾ ਕਿਉ ਖਾਈਐ ਸਾਰੁ ॥

(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?

ਨਾਨਕ ਸਾਚਾ ਕਰਹੁ ਬੀਚਾਰੁ ॥੧੯॥

ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।

ਅਨਹਤਿ ਰਾਤੇ ਇਹੁ ਮਨੁ ਲਾਇਆ ॥

ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।

ਮਨਸਾ ਆਸਾ ਸਬਦਿ ਜਲਾਈ ॥

ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,

ਗੁਰਮੁਖਿ ਜੋਤਿ ਨਿਰੰਤਰਿ ਪਾਈ ॥

ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।

ਤ੍ਰੈ ਗੁਣ ਮੇਟੇ ਖਾਈਐ ਸਾਰੁ ॥

(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।

ਨਾਨਕ ਤਾਰੇ ਤਾਰਣਹਾਰੁ ॥੨੦॥

(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥

ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?

ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥

ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?

ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥

ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?

ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥

ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?

ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥

(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।

ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)

ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥

ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।

ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥

ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?

ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥

ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥

(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।

ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥