ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।
ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।
(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥
ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,
ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,
ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।
ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,
ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥
ਰਾਗ ਮਾਝ ਨੂੰ ਪੰਜਵੇਂ ਸਿੱਖ ਗੁਰੂ (ਸ਼੍ਰੀ ਗੁਰੂ ਅਰਜਨ ਦੇਵ ਜੀ) ਦੁਆਰਾ ਰਚਨਾ ਕੀਤੀ। ਇਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਮ ਅਨੁਸਾਰ ਦੂਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 94 ਤੋਂ ਪੰਨਾ 150 ਤੱਕ, ਰਾਗ ਮਾਝ ਵਿੱਚ ਦਰਜ ਹਨ। ਇਸ ਨੂੰ ਗਾਉਣ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) ਹੈ।