ਸ਼ਬਦ ਹਜ਼ਾਰੇ

(ਅੰਗ: 5)


ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥

ਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥

ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ, (ਇਹ ਤਾਂ ਇਉਂ ਹੀ ਹੈ ਕਿ) ਤੂੰ ਬਾਦਸ਼ਾਹ ਹੈਂ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ।

ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥

(ਪਰ ਇਤਨੀ ਕੁ ਸਿਫ਼ਤਿ-ਸਾਲਾਹ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ) ਹੇ ਮਾਲਕ-ਪ੍ਰਭੂ! (ਸਿਫ਼ਤਿ-ਸਾਲਾਹ ਕਰਨ ਦਾ) ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ॥੧॥

ਤੇਰੇ ਗੁਣ ਗਾਵਾ ਦੇਹਿ ਬੁਝਾਈ ॥

ਹੇ ਪ੍ਰਭੂ! ਮੈਨੂੰ (ਅਜੇਹੀ) ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ।

ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥

ਹੇ ਰਜ਼ਾ ਦੇ ਮਾਲਕ-ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ (ਚਰਨਾਂ) ਵਿਚ ਟਿਕਿਆ ਰਹਿ ਸਕਾਂ ॥੧॥ ਰਹਾਉ ॥

ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥

ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ।

ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥

ਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ (ਤੁੱਛ-ਅਕਲ ਹਾਂ) ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ (ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ ॥੨॥

ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥

ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।

ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥

ਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ (ਭਾਵ, ਜਿਤਨੀ ਕੁ ਤੂੰ ਬਿਆਨ ਕਰਨ ਲਈ ਆਪ ਹੀ ਸਮਝ ਦੇਂਦਾ ਹੈਂ) ॥੩॥

ਏਤੇ ਕੂਕ ਰਹਉ ਬੇਗਾਨਾ ਭਉਕਾ ਇਸੁ ਤਨ ਤਾਈ ॥

(ਹੇ ਪ੍ਰਭੂ! ਇਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ)।

ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥

(ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸੱਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ) ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ) ॥੪॥੧॥

ਬਿਲਾਵਲੁ ਮਹਲਾ ੧ ॥

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥

ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ।

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥

ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ ॥੧॥

ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥

ਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ।

ਕਉਣੁ ਜਾਣੈ ਪੀਰ ਪਰਾਈ ॥

ਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।

ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥

ਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ ॥੧॥ ਰਹਾਉ ॥

ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥

ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ।

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ ॥੨॥

ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ ॥੨॥

ਸਿਖ ਮਤਿ ਸਭ ਬੁਧਿ ਤੁਮੑਾਰੀ ਮੰਦਿਰ ਛਾਵਾ ਤੇਰੇ ॥

ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ।