(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
ਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,
ਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥
(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,
ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,
ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥
(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,
ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,
ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,
ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!
ਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥
ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।