ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ।
ਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ ॥੧॥ ਰਹਾਉ ॥
ਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿਚ ਮਿਲਦੇ ਹਨ,
(ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ॥੧॥
ਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ।
ਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇਕ ਪਰਮਾਤਮਾ ਦੀ ਹੀ ਆਸ ਰੱਖ ॥੨॥
ਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ।
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ ॥੩॥
ਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ)।
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ ॥੪॥੧॥
ਰਾਗੁ ਮਾਲੀ ਗਉੜਾ ਇਕ ਮਾਹਰ ਦਾ ਵਿਸ਼ਵਾਸ ਦੱਸਦੀ ਹੈ, ਜਿਸਦਾ ਗਿਆਨ ਉਨ੍ਹਾਂ ਦੇ ਨਜ਼ਰੀਏ ਅਤੇ ਕੰਮ ਦੋਵਾਂ ਵਿਚ ਸਵੈ-ਸਪਸ਼ਟ ਹੁੰਦਾ ਹੈ।