ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁਝ ਭੀ ਸਮਝ ਨਹੀਂ ਆ ਸਕਦੀ)।
ਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ।
ਉਸ ਘੁੱਪ ਹਨੇਰੇ ਵਿਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ ॥੧॥
(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ,
ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ।
ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ ॥੨॥
(ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਭੀ, ਉਸੇ ਨੂੰ) ਚੌਹਾਂ ਜੁਗਾਂ ਵਿਚ (ਜਗਤ ਦੇ ਅੰਦਰ) ਗੁਪਤ ਵਿਆਪਕ ਜਾਣੋ।
ਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿਚ ਮੌਜੂਦ ਹੈ।
ਉਹ ਇਕੱਲਾ ਆਪ ਹੀ ਹਰੇਕ ਜੁਗ ਵਿਚ (ਸਾਰੀ ਸ੍ਰਿਸ਼ਟੀ ਦੇ ਅੰਦਰ) ਰਮ ਰਿਹਾ ਹੈ-ਇਸ ਭੇਤ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ (ਦੀ ਬਾਣੀ) ਦੀ ਵਿਚਾਰ ਕਰਦਾ ਹੈ ॥੩॥
(ਉਸ ਪਰਮਾਤਮਾ ਦੇ ਹੁਕਮ ਵਿਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ।
ਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ।
ਹਰੇਕ ਸਰੀਰ ਵਿਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ ॥੪॥
(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਂ ਦੇ ਪੇਟ ਵਿਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
ਪ੍ਰਭੂ ਅੰਤਰਜਾਮੀ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ।
ਜੀਵ ਮਾਂ ਦੇ ਪੇਟ ਦੇ ਅੰਦਰ ਸੁਆਸ ਸੁਆਸ ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ॥੫॥
(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,
(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ।
(ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ। ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥
(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ,
ਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ।
ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੭॥
ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?
ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ।
(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੮॥
(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ।
(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ।
ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ॥੯॥
ਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ।
ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ।
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ॥੧੦॥
ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ,
(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ।
ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ॥੧੧॥
(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ।
ਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ)।
(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ॥੧੨॥
(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ।
(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ।
ਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧੩॥
ਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,
ਜੇਹੜਾ ਗੁਰੂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,
ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ।
(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧੫॥
ਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ,
ਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ। ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ)।
ਹੇ ਨਾਨਕ! (ਆਖ ਕਿ ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੬॥੧॥੭॥