ਸਿਰੀਰਾਗੁ ਮਹਲਾ ੩ ॥

ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥

ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।

ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥

ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥

ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?

ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥

ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥

ਮੇਰੇ ਮਨ ਹਰਿ ਕਾ ਨਾਮੁ ਧਿਆਇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ ॥

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥

ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;

ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥

ਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।

ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥

(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥

ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥

ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),

ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥

ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।

ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥

ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।

ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥

ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥

ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,

ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥

(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਸਿਰੀ ਰਾਗੁ
ਲਿਖਾਰੀ: ਗੁਰੂ ਅਮਰਦਾਸ ਜੀ
ਅੰਗ: 35
ਲੜੀ ਸੰਃ: 4 - 12

ਸਿਰੀ ਰਾਗੁ

ਇਸ ਰਾਗ ਦਾ ਅਧਾਰ ਮੁੱਖ ਧਾਰਾ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਹਨ। ਸਿਰੀ ਰਾਗ ਗੰਭੀਰ ਅਤੇ ਚਿੰਤਨਸ਼ੀਲ ਹੈ ਅਤੇ ਇਕ ਅਜਿਹਾ ਮਾਹੌਲ ਪੈਦਾ ਕਰਦਾ ਹੈ। ਸੁਣਨ ਵਾਲੇ (ਮਨ) ਨੂੰ ਸੰਦੇਸ਼ ਦੀ ਸੱਚਾਈ ਤੋਂ ਜਾਣੂ ਕਰਾਇਆ ਜਾਂਦਾ ਹੈ ਅਤੇ ਇਸ ‘ਸਿੱਖਿਆ’ ਨਾਲ ਨਿਮਰਤਾ ਅਤੇ ‘ਪ੍ਰਾਪਤ’ ਗਿਆਨ ਦੋਵਾਂ ਨਾਲ ਭਵਿੱਖ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਜਾਂਦੀ ਹੈ।