ਸੋਰਠਿ ਮਹਲਾ ੫ ॥

ਐਥੈ ਓਥੈ ਰਖਵਾਲਾ ॥

ਹੇ ਭਾਈ! (ਪ੍ਰਭੂ ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ।

ਪ੍ਰਭ ਸਤਿਗੁਰ ਦੀਨ ਦਇਆਲਾ ॥

ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ।

ਦਾਸ ਅਪਨੇ ਆਪਿ ਰਾਖੇ ॥

(ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ।

ਘਟਿ ਘਟਿ ਸਬਦੁ ਸੁਭਾਖੇ ॥੧॥

(ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ ॥੧॥

ਗੁਰ ਕੇ ਚਰਣ ਊਪਰਿ ਬਲਿ ਜਾਈ ॥

ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥

(ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ਰਹਾਉ॥

ਆਪਿ ਸਹਾਈ ਹੋਆ ॥

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ।

ਸਚੇ ਦਾ ਸਚਾ ਢੋਆ ॥

(ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ।

ਤੇਰੀ ਭਗਤਿ ਵਡਿਆਈ ॥

ਹੇ ਪ੍ਰਭੂ! ਤੇਰੀ ਭਗਤੀ ਤੇਰੀ ਸਿਫ਼ਤ-ਸਾਲਾਹ-

ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥

ਹੇ ਨਾਨਕ! (ਆਖ-) (ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੨॥੧੪॥੭੮॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਸੋਰਠਿ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 628
ਲੜੀ ਸੰਃ: 3 - 6

ਰਾਗੁ ਸੋਰਠਿ

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਨਾਮ ਸਿਮਰਨ ਲਈ ਉੱਤਮ ਮੰਨਿਆ ਜਾਂਦਾ ਹੈ।