ਆਸਾ ਕੀ ਵਾਰ

(ਅੰਗ: 25)


ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

(ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ ॥੧॥

ਮਃ ੧ ॥

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥

(ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ।

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥

ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ (ਅਮਾਨਤ ਵਿੱਚ ਖ਼ਿਆਨਤ) ਕਰਦਾ ਹੈ।

ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ ॥

(ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ।

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ ॥

(ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ 'ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ'।

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥

ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ।

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ ॥੨॥

ਮਃ ੧ ॥

ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥

(ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ, ਰੱਬ ਦੀ ਦਰਗਾਹ ਵਿਚ ਤਦੋਂ ਹੀ) ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ, (ਕਿਉਂਕਿ) ਰੱਬ ਦੀ ਸਿਫ਼ਤਿ-ਸਾਲਾਹ ਹੀ ਸੁੱਚਾ ਜਨੇਊ ਹੈ;

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥

(ਇਹ ਸੁੱਚਾ ਜਨੇਊ ਧਾਰਨ ਕੀਤਿਆਂ) ਦਰਗਾਹ ਵਿਚ ਮਾਣ ਮਿਲਦਾ ਹੈ ਅਤੇ ਇਹ (ਕਦੇ) ਟੁੱਟਦਾ ਭੀ ਨਹੀਂ ॥੩॥

ਮਃ ੧ ॥

ਤਗੁ ਨ ਇੰਦ੍ਰੀ ਤਗੁ ਨ ਨਾਰੀ ॥

(ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ)

ਭਲਕੇ ਥੁਕ ਪਵੈ ਨਿਤ ਦਾੜੀ ॥

ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ;

ਤਗੁ ਨ ਪੈਰੀ ਤਗੁ ਨ ਹਥੀ ॥

ਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ);

ਤਗੁ ਨ ਜਿਹਵਾ ਤਗੁ ਨ ਅਖੀ ॥

ਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ)।

ਵੇਤਗਾ ਆਪੇ ਵਤੈ ॥

ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ,

ਵਟਿ ਧਾਗੇ ਅਵਰਾ ਘਤੈ ॥

ਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ।

ਲੈ ਭਾੜਿ ਕਰੇ ਵੀਆਹੁ ॥

ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ,

ਕਢਿ ਕਾਗਲੁ ਦਸੇ ਰਾਹੁ ॥

ਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ।