ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ।
ਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,
(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੨॥
ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ।
(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)।
(ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ।
ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ॥੧੪॥
ਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ।
ਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ।
ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥
ਹੇ ਪੰਡਤ! ਉਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ,
ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ।
(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।
(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ,
(ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।