ਆਸਾ ਕੀ ਵਾਰ

(ਅੰਗ: 23)


ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥

ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।

ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?

ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥

ਸਲੋਕੁ ਮਃ ੧ ॥

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ।

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥

(ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ?

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥

ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ, ਲੰਮਾ ਤੇ ਮੋਟਾ ਹੈ, ਪਰ (ਇਸ ਦੇ) ਫਲ ਫਿੱਕੇ ਹੁੰਦੇ ਹਨ, ਤੇ ਫੁੱਲ ਬੇਸੁਆਦੇ ਹਨ, ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ।

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥

ਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ।

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥

(ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ,

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥

(ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਏ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਭਾਵ ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ)।

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥

(ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ,

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥

ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ ॥੧॥

ਮਃ ੧ ॥

ਪੜਿ ਪੁਸਤਕ ਸੰਧਿਆ ਬਾਦੰ ॥

(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ,

ਸਿਲ ਪੂਜਸਿ ਬਗੁਲ ਸਮਾਧੰ ॥

ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;

ਮੁਖਿ ਝੂਠ ਬਿਭੂਖਣ ਸਾਰੰ ॥

ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;

ਤ੍ਰੈਪਾਲ ਤਿਹਾਲ ਬਿਚਾਰੰ ॥

(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;

ਗਲਿ ਮਾਲਾ ਤਿਲਕੁ ਲਿਲਾਟੰ ॥

ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;

ਦੁਇ ਧੋਤੀ ਬਸਤ੍ਰ ਕਪਾਟੰ ॥

(ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।

ਜੇ ਜਾਣਸਿ ਬ੍ਰਹਮੰ ਕਰਮੰ ॥

ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,