ਆਸਾ ਕੀ ਵਾਰ

(ਅੰਗ: 26)


ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥

ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ!

ਮਨਿ ਅੰਧਾ ਨਾਉ ਸੁਜਾਣੁ ॥੪॥

(ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) 'ਸਿਆਣਾ' ॥੪॥

ਪਉੜੀ ॥

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥

(ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ);

ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥

ਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ;

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥

ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ।

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥

ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ,

ਤਾ ਦਰਗਹ ਪੈਧਾ ਜਾਇਸੀ ॥੧੫॥

ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧੫॥

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

ਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥

ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ)।

ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥

ਸਲੋਕ ਮਃ ੧ ॥

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥

(ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ।

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥

ਧੋਤੀ (ਪਹਿਨਦਾ ਹੈਂ), ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ)।

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥

ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।

ਛੋਡੀਲੇ ਪਾਖੰਡਾ ॥

(ਇਹ) ਪਾਖੰਡ ਤੂੰ ਛੱਡ ਦੇਹ।

ਨਾਮਿ ਲਇਐ ਜਾਹਿ ਤਰੰਦਾ ॥੧॥

ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ ॥੧॥

ਮਃ ੧ ॥

ਮਾਣਸ ਖਾਣੇ ਕਰਹਿ ਨਿਵਾਜ ॥

(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ।