ਆਸਾ ਮਹਲਾ ੧ ॥

ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥

(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।

ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥

ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥

ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।

ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥

ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥

(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।

ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥

ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥

(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।

ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥

ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥

ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-

ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਆਸਾ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 359 - 360
ਲੜੀ ਸੰਃ: 18 - 4

ਰਾਗੁ ਆਸਾ

ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।