ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ।
ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ।
ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥
(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! (ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ।
(ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ ॥੨॥
ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ।
ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ॥੩॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ)।
ਹੇ ਨਾਨਕ! (ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ ॥੪॥੪॥