ਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ।
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ। ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ ॥੧॥
ਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ।
ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ ॥੧॥ ਰਹਾਉ ॥
(ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ,
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ ॥੨॥
ਜਿਸ ਪਰਮਾਤਮਾ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ),
ਉਹੀ ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ। ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ॥੩॥
ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ।
ਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੪॥
ਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ,
ਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ ॥੫॥
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ-
(ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੬॥
ਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ।
ਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕ੍ਰੋੜਾਂ ਦਾਨ ਹਨ ਤੇ ਕ੍ਰੋੜਾਂ ਤੀਰਥ-ਇਸ਼ਨਾਨ ਹਨ ॥੭॥
ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ।
ਨਾਨਕ ਦੀ ਭੀ ਇਹੀ ਬੇਨਤੀ ਹੈ-ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ ॥੮॥੨॥
ਮਾਰੂ ਨੂੰ ਰਵਾਇਤੀ ਤੌਰ ਤੇ ਜੰਗ ਦੀ ਤਿਆਰੀ ਵਿੱਚ ਜੰਗ ਦੇ ਮੈਦਾਨ ਵਿੱਚ ਗਾਇਆ ਜਾਂਦਾ ਸੀ।