ਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,
ਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ। (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥
ਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ।
ਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥
ਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ।
ਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥
(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ।
(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ॥੩॥
ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ।
ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ। (ਸੰਤ ਜਨਾਂ ਦੀ ਸੰਗਤ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ॥੪॥
(ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ)।
ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ॥੫॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮੱਤ ਦੀ ਮੈਲ (ਸਦਾ) ਭਰੀ ਰਹਿੰਦੀ ਹੈ।
(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ॥੬॥
ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤ ਦੇਹ। ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ
ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, (ਮੈਨੂੰ ਉਨ੍ਹਾਂ) ਸੰਤਾਂ ਭਗਤਾਂ ਦੀ (ਸੰਗਤ) ਬਖ਼ਸ਼ ॥੭॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ।
ਨਾਨਕ ਆਖਦਾ ਹੈ (ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ। (ਸਭ ਦੀ) ਪਾਲਣਾ ਕਰ ॥੮॥੫॥