ਓਅੰਕਾਰੁ

(ਅੰਗ: 12)


ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥

ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,

ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥

ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ।

ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥

ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।

ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥

ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) 'ਨਾਮ' ਬਖ਼ਸ਼ਿਆ ਹੈ।

ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥

ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;

ਗੁਰਪਰਸਾਦੀ ਤਿਸੁ ਸੰਮੑਲਾ ਤਾ ਤਨਿ ਦੂਖੁ ਨ ਹੋਇ ॥੩੧॥

ਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ॥੩੧॥

ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥

(ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ।

ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥

(ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ।

ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥

'ਨਾਮ' ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ)।

ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥

'ਨਾਮ' ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ।

ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥

(ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ,

ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥

(ਉਹ) ਅਗਿਆਨੀ ਹੈ ਮੱਤ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ)।

ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥

ਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ;

ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥

ਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ॥੩੨॥

ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥

(ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ।

ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥

(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ 'ਨਾਮ'-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ।

ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥

(ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ,

ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥

(ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ।

ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥

(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ।

ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥

ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ।