ਸੁਖਮਨੀ ਸਾਹਿਬ

(ਅੰਗ: 95)


ਚਾਰਿ ਕੁੰਟ ਦਹ ਦਿਸੇ ਸਮਾਹਿ ॥

ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।

ਤਿਸ ਤੇ ਭਿੰਨ ਨਹੀ ਕੋ ਠਾਉ ॥

ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;

ਗੁਰਪ੍ਰਸਾਦਿ ਨਾਨਕ ਸੁਖੁ ਪਾਉ ॥੨॥

(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥

ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;

ਸਸੀਅਰ ਸੂਰ ਨਖੵਤ੍ਰ ਮਹਿ ਏਕੁ ॥

ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;

ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥

ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;

ਆਪਿ ਅਡੋਲੁ ਨ ਕਬਹੂ ਡੋਲੈ ॥

(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।

ਸਰਬ ਕਲਾ ਕਰਿ ਖੇਲੈ ਖੇਲ ॥

ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,

ਮੋਲਿ ਨ ਪਾਈਐ ਗੁਣਹ ਅਮੋਲ ॥

(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;

ਸਰਬ ਜੋਤਿ ਮਹਿ ਜਾ ਕੀ ਜੋਤਿ ॥

ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),

ਧਾਰਿ ਰਹਿਓ ਸੁਆਮੀ ਓਤਿ ਪੋਤਿ ॥

ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;

ਗੁਰਪਰਸਾਦਿ ਭਰਮ ਕਾ ਨਾਸੁ ॥

(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,

ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥

ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥

ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥

ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,

ਸੰਤ ਜਨਾ ਕੈ ਹਿਰਦੈ ਸਭਿ ਧਰਮ ॥

ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।

ਸੰਤ ਜਨਾ ਸੁਨਹਿ ਸੁਭ ਬਚਨ ॥

ਸੰਤ ਜਨ ਭਲੇ ਬਚਨ ਹੀ ਸੁਣਦੇ ਹਨ,

ਸਰਬ ਬਿਆਪੀ ਰਾਮ ਸੰਗਿ ਰਚਨ ॥

ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।

ਜਿਨਿ ਜਾਤਾ ਤਿਸ ਕੀ ਇਹ ਰਹਤ ॥

ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,

ਸਤਿ ਬਚਨ ਸਾਧੂ ਸਭਿ ਕਹਤ ॥

ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;

ਜੋ ਜੋ ਹੋਇ ਸੋਈ ਸੁਖੁ ਮਾਨੈ ॥

(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,