ਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ।
(ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ-ਥਿਰ ਨਾਮ ਸਿਮਰਨਾ (ਇਕ) ਔਖਾ ਕੰਮ ਹੈ।
(ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ,
ਇਸ ਭੁੱਖ ਦੀ ਬਰਕਤਿ ਨਾਲ (ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥
ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪ੍ਰਭੂ ਮੈਨੂੰ ਕਦੇ ਨ ਭੁੱਲੇ।
ਜਿਉਂ ਜਿਉਂ ਉਸ ਸਦਾ-ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ-ਥਿਰ ਰਹਿਣ ਵਾਲਾ ਮਾਲਕ (ਮਨ ਵਿਚ ਵੱਸਦਾ ਹੈ) ॥੧॥ ਰਹਾਉ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ
(ਸਾਰੇ ਜੀਵ) ਬਿਆਨ ਕਰ ਕੇ ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੇਹੜੀ ਹੋਰ ਹਸਤੀ ਹੈ।
ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ,
ਤਾਂ ਉਹ ਪਰਮਾਤਮਾ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) ਤਾਂ ਉਹ (ਅੱਗੇ ਨਾਲੋਂ) ਘਟ ਨਹੀਂ ਜਾਂਦਾ ॥੨॥
ਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
ਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਭਾਵ, ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤਦੇ ਹਨ ਪਰ ਉਹ ਮੁੱਕਦੀਆਂ ਨਹੀਂ)।
ਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥
(ਹੇ ਪ੍ਰਭੂ!) ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ,
(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।
ਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ-ਪ੍ਰਭੂ ਨੂੰ ਵਿਸਾਰਦੇ ਹਨ।
ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ॥੪॥੨॥
ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।