ਚੰਡੀ ਦੀ ਵਾਰ

(ਅੰਗ: 20)


ਮੁਹਿ ਕੁੜੂਚੇ ਘਾਹ ਦੇ ਛਡ ਘੋੜੇ ਰਾਹੀਂ ॥

(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।

ਭਜਦੇ ਹੋਏ ਮਾਰੀਅਨ ਮੁੜ ਝਾਕਨ ਨਾਹੀਂ ॥੫੪॥

ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥

ਪਉੜੀ ॥

ਪਉੜੀ:

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥

(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ

ਇੰਦ੍ਰ ਸਦ ਬੁਲਾਇਆ ਰਾਜ ਅਭਿਸੇਖ ਨੋ ॥

ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥

ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।

ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥

(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥

ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।

ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥

ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥