ਸ੍ਰੀ ਭਗਉਤੀ ਜੀ ਸਹਾਇ:
ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:
ਪਾਤਸ਼ਾਹੀ ੧੦:
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।
(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।
(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।
(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।
(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।
(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥
ਪਉੜੀ:
ਪਰਮ-ਸੱਤਾ ਨੇ (ਸਭ ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।
ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾਂ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।
(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾਂ ਅੰਦਰ ਵੈਰ-ਵਿਵਾਦ ਪੈਦਾ ਕੀਤਾ।
ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾਂ ਦਾ ਨਾਸ਼ ਕਰਵਾਇਆ।
ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।
ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ (ਅਰਥਾਂਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।
ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ,
(ਪਰ ਉਨ੍ਹਾਂ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥