ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)।
(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।
(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।
ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)।
ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ,
(ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।
ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।
ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।
(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।
ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,
ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।
ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।
ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ।
ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ।
ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।