ਆਸਾ ਕੀ ਵਾਰ

(ਅੰਗ: 20)


ਸਲੋਕੁ ਮਃ ੧ ॥

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਬਲਿਹਾਰੀ ਕੁਦਰਤਿ ਵਸਿਆ ॥

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

ਮਃ ੨ ॥

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥

ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ)। ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ।

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥

ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ,

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ ॥੩॥

ਮਃ ੨ ॥

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥

ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।

ਆਤਮਾ ਬਾਸੁਦੇਵਸੵਿ ਜੇ ਕੋ ਜਾਣੈ ਭੇਉ ॥

ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ,

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥

ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ ॥੪॥

ਮਃ ੧ ॥

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

(ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ,

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

(ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) ਅਤੇ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ॥੫॥