ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ।
(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ)।
(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।
(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ।
ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥
ਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ।
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ।
ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ)।
ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ॥੩॥
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ।
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ)। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।
ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,
ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ॥੧੧॥
ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ।
ਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ।
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।
ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥