ਆਸਾ ਕੀ ਵਾਰ

(ਅੰਗ: 18)


ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥

(ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।

ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨੑਾ ਦੀ ਪਾਈਐ ॥

ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ।

ਮਤਿ ਥੋੜੀ ਸੇਵ ਗਵਾਈਐ ॥੧੦॥

(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ॥੧੦॥

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥

ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ।

ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ।

ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥

ਸਲੋਕੁ ਮਃ ੧ ॥

ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥

(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)।

ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥

ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)।

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥

ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)।

ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥

ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ।

ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥

ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ।

ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥

(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥

ਮਃ ੧ ॥

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥

(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ,

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥

(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ।

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥

(ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥

ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ;

ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥

ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।