ਆਸਾ ਕੀ ਵਾਰ

(ਅੰਗ: 21)


ਪਉੜੀ ॥

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥

ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ)।

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥

ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ;

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥

(ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥

ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ।

ਮੁਹਿ ਚਲੈ ਸੁ ਅਗੈ ਮਾਰੀਐ ॥੧੨॥

ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ॥੧੨॥

ਆਸਾ ਮਹਲਾ ੪ ॥

ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ।

ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ।

ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥

ਸਲੋਕੁ ਮਃ ੧ ॥

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥

ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ)

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥

ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ।

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥

ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ। ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ)।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥

ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ।)

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥

ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ)।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ॥੧॥

ਮਃ ੧ ॥

ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥

ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ;