ਸੁਖਮਨੀ ਸਾਹਿਬ

(ਅੰਗ: 98)


ਜਨ ਕੈ ਸੰਗਿ ਚਿਤਿ ਆਵੈ ਨਾਉ ॥

ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥

ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;

ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥

ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥

ਸਲੋਕੁ ॥

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥

(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,

ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥

ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥

ਅਸਟਪਦੀ ॥

ਪੂਰੇ ਗੁਰ ਕਾ ਸੁਨਿ ਉਪਦੇਸੁ ॥

(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,

ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥

ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।

ਸਾਸਿ ਸਾਸਿ ਸਿਮਰਹੁ ਗੋਬਿੰਦ ॥

(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ,

ਮਨ ਅੰਤਰ ਕੀ ਉਤਰੈ ਚਿੰਦ ॥

(ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।

ਆਸ ਅਨਿਤ ਤਿਆਗਹੁ ਤਰੰਗ ॥

(ਹੇ ਮਨ!) ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,

ਸੰਤ ਜਨਾ ਕੀ ਧੂਰਿ ਮਨ ਮੰਗ ॥

ਅਤੇ ਹੇ ਮਨ! ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।

ਆਪੁ ਛੋਡਿ ਬੇਨਤੀ ਕਰਹੁ ॥

(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ,

ਸਾਧਸੰਗਿ ਅਗਨਿ ਸਾਗਰੁ ਤਰਹੁ ॥

(ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।

ਹਰਿ ਧਨ ਕੇ ਭਰਿ ਲੇਹੁ ਭੰਡਾਰ ॥

ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,

ਨਾਨਕ ਗੁਰ ਪੂਰੇ ਨਮਸਕਾਰ ॥੧॥

ਹੇ ਨਾਨਕ! ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ॥੧॥

ਖੇਮ ਕੁਸਲ ਸਹਜ ਆਨੰਦ ॥

(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;

ਸਾਧਸੰਗਿ ਭਜੁ ਪਰਮਾਨੰਦ ॥

ਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।

ਨਰਕ ਨਿਵਾਰਿ ਉਧਾਰਹੁ ਜੀਉ ॥

ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-