ਸੁਖਮਨੀ ਸਾਹਿਬ

(ਅੰਗ: 99)


ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥

ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।

ਚਿਤਿ ਚਿਤਵਹੁ ਨਾਰਾਇਣ ਏਕ ॥

ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,

ਏਕ ਰੂਪ ਜਾ ਕੇ ਰੰਗ ਅਨੇਕ ॥

ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।

ਗੋਪਾਲ ਦਾਮੋਦਰ ਦੀਨ ਦਇਆਲ ॥

ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-

ਦੁਖ ਭੰਜਨ ਪੂਰਨ ਕਿਰਪਾਲ ॥

ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;

ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥

ਉਸ ਦਾ ਨਾਮ ਮੁੜ ਮੁੜ ਯਾਦ ਕਰ।

ਨਾਨਕ ਜੀਅ ਕਾ ਇਹੈ ਅਧਾਰ ॥੨॥

ਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥

ਉਤਮ ਸਲੋਕ ਸਾਧ ਕੇ ਬਚਨ ॥

ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,

ਅਮੁਲੀਕ ਲਾਲ ਏਹਿ ਰਤਨ ॥

ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।

ਸੁਨਤ ਕਮਾਵਤ ਹੋਤ ਉਧਾਰ ॥

(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,

ਆਪਿ ਤਰੈ ਲੋਕਹ ਨਿਸਤਾਰ ॥

(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।

ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥

ਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;

ਜਾ ਕੈ ਮਨਿ ਲਾਗਾ ਹਰਿ ਰੰਗੁ ॥

ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ।

ਜੈ ਜੈ ਸਬਦੁ ਅਨਾਹਦੁ ਵਾਜੈ ॥

(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,

ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥

ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ।

ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥

ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,

ਨਾਨਕ ਉਧਰੇ ਤਿਨ ਕੈ ਸਾਥੇ ॥੩॥

ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥

ਸਰਨਿ ਜੋਗੁ ਸੁਨਿ ਸਰਨੀ ਆਏ ॥

ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,

ਕਰਿ ਕਿਰਪਾ ਪ੍ਰਭ ਆਪ ਮਿਲਾਏ ॥

ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।

ਮਿਟਿ ਗਏ ਬੈਰ ਭਏ ਸਭ ਰੇਨ ॥

(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,