ਸੁਖਮਨੀ ਸਾਹਿਬ

(ਅੰਗ: 100)


ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥

(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।

ਸੁਪ੍ਰਸੰਨ ਭਏ ਗੁਰਦੇਵ ॥

ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,

ਪੂਰਨ ਹੋਈ ਸੇਵਕ ਕੀ ਸੇਵ ॥

ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।

ਆਲ ਜੰਜਾਲ ਬਿਕਾਰ ਤੇ ਰਹਤੇ ॥

(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,

ਰਾਮ ਨਾਮ ਸੁਨਿ ਰਸਨਾ ਕਹਤੇ ॥

ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ।

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥

ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,

ਨਾਨਕ ਨਿਬਹੀ ਖੇਪ ਹਮਾਰੀ ॥੪॥

ਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥

ਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-

ਸਾਵਧਾਨ ਏਕਾਗਰ ਚੀਤ ॥

ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।

ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥

ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,

ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥

ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।

ਸਰਬ ਇਛਾ ਤਾ ਕੀ ਪੂਰਨ ਹੋਇ ॥

ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,

ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥

ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।

ਸਭ ਤੇ ਊਚ ਪਾਏ ਅਸਥਾਨੁ ॥

ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,

ਬਹੁਰਿ ਨ ਹੋਵੈ ਆਵਨ ਜਾਨੁ ॥

ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ।

ਹਰਿ ਧਨੁ ਖਾਟਿ ਚਲੈ ਜਨੁ ਸੋਇ ॥

ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,

ਨਾਨਕ ਜਿਸਹਿ ਪਰਾਪਤਿ ਹੋਇ ॥੫॥

ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥

ਖੇਮ ਸਾਂਤਿ ਰਿਧਿ ਨਵ ਨਿਧਿ ॥

ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,

ਬੁਧਿ ਗਿਆਨੁ ਸਰਬ ਤਹ ਸਿਧਿ ॥

ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥

ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,