ਸੁਖਮਨੀ ਸਾਹਿਬ

(ਅੰਗ: 101)


ਗਿਆਨੁ ਸ੍ਰੇਸਟ ਊਤਮ ਇਸਨਾਨੁ ॥

ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;

ਚਾਰਿ ਪਦਾਰਥ ਕਮਲ ਪ੍ਰਗਾਸ ॥

(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;

ਸਭ ਕੈ ਮਧਿ ਸਗਲ ਤੇ ਉਦਾਸ ॥

ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;

ਸੁੰਦਰੁ ਚਤੁਰੁ ਤਤ ਕਾ ਬੇਤਾ ॥

ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,

ਸਮਦਰਸੀ ਏਕ ਦ੍ਰਿਸਟੇਤਾ ॥

ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;

ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥

ਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;

ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥

ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥

ਇਹੁ ਨਿਧਾਨੁ ਜਪੈ ਮਨਿ ਕੋਇ ॥

ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,

ਸਭ ਜੁਗ ਮਹਿ ਤਾ ਕੀ ਗਤਿ ਹੋਇ ॥

ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।

ਗੁਣ ਗੋਬਿੰਦ ਨਾਮ ਧੁਨਿ ਬਾਣੀ ॥

ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,

ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥

ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।

ਸਗਲ ਮਤਾਂਤ ਕੇਵਲ ਹਰਿ ਨਾਮ ॥

ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।

ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥

ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।

ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥

(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,

ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥

ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।

ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥

ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,

ਸਾਧ ਸਰਣਿ ਨਾਨਕ ਤੇ ਆਏ ॥੭॥

(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥

ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,

ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥

ਉਸ ਨੂੰ ਪ੍ਰਭੂ ਚੇਤੇ ਆਉਦਾ ਹੈ।

ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥

ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,