ਅਨੰਦੁ ਸਾਹਿਬ

(ਅੰਗ: 9)


ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥

ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।

ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥

(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।

ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥

ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥

ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।

ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥

ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।

ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥

ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।

ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।

ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥

ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥

ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।

ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥

(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥

ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।

ਗੁਰਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥

ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥

ਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥

ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।

ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥

ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।

ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥

ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।

ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥

ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।

ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥

ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।

ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥

ਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।