ਅਨੰਦੁ ਸਾਹਿਬ

(ਅੰਗ: 10)


ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।

ਗੁਰਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥

ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।

ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥

ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।

ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥

ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।

ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥

ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥

ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,

ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।

ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥

ਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।

ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥

ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।

ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥

(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥

ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥

ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।

ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥

ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥

ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।