ਅਨੰਦੁ ਸਾਹਿਬ

(ਅੰਗ: 8)


ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥

(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।

ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥

ਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥

(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥

ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।

ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥

(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।

ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥

(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।

ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥

ਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥

ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।

ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥

ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।

ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥

ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥

(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥

ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)

ਕਹੈ ਨਾਨਕੁ ਗੁਰਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥

ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥

(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।

ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥

ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।

ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥

(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),

ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥

(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।

ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥

ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥

ਹਰਿ ਰਾਸਿ ਮੇਰੀ ਮਨੁ ਵਣਜਾਰਾ ॥

ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।

ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥

ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।