ਓਅੰਕਾਰੁ

(ਅੰਗ: 15)


ਫਾਥਾ ਚੋਗ ਚੁਗੈ ਨਹੀ ਬੂਝੈ ॥

ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।

ਸਤਗੁਰੁ ਮਿਲੈ ਤ ਆਖੀ ਸੂਝੈ ॥

ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।

ਜਿਉ ਮਛੁਲੀ ਫਾਥੀ ਜਮ ਜਾਲਿ ॥

ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।

ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥

(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।

ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥

(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।

ਇਕ ਰੰਗਿ ਰਚੈ ਰਹੈ ਲਿਵ ਲਾਇ ॥

ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;

ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥

ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥

(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,

ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥

ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।

ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥

(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥

(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥

ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।

ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥

ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥

(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।

ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥

(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।

ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥

(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥

ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।

ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥

ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।