ਸਾਧ ਸੰਗਤਿ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ,
ਹੇ ਨਾਨਕ! ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ॥੨੯॥
ਉਹਨਾਂ (ਬੰਦਿਆਂ ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ, ਕੋਈ ਇਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿਚ ਰੋਕ ਨਹੀਂ ਪਾ ਸਕਿਆ,
ਹੇ ਨਾਨਕ! ਜਿਨ੍ਹਾਂ ਨੇ ਸਾਧ ਸੰਗਤਿ ਵਿਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ ॥੧॥
ਪਉੜੀ
ਹੋਰ ਕਿੱਥੇ ਲੱਭਦੇ ਫਿਰਦੇ ਹੋ? ਭਾਲ ਇਸ ਮਨ ਵਿਚ ਹੀ (ਕਰਨੀ ਹੈ)।
(ਹੇ ਭਾਈ!) ਪ੍ਰਭੂ ਤੁਹਾਡੇ ਨਾਲ (ਹਿਰਦੇ ਵਿਚ) ਵੱਸ ਰਿਹਾ ਹੈ, ਤੁਸੀ ਜੰਗਲ ਜੰਗਲ ਕਿੱਥੇ ਢੂੰਢਦੇ ਫਿਰਦੇ ਹੋ?
ਸਾਧ ਸੰਗਤਿ ਵਿਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮਤਿ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ।
(ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸਨ ਹੋ ਜਾਇਗਾ, ਪ੍ਰਭੂ ਦਾ) ਦਰਸਨ ਕਰ ਕੇ ਆਤਮਾ ਖਿੜ ਪਏਗਾ, ਆਤਮਕ ਆਨੰਦ ਮਿਲੇਗਾ, ਅਡੋਲ ਅਵਸਥਾ ਵਿਚ ਟਿਕ ਜਾਵੋਗੇ।
ਜਿਤਨਾ ਚਿਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ, ਮਨੁੱਖ ਜੰਮਦਾ ਮਰਦਾ ਰਹਿੰਦਾ ਹੈ, ਜੂਨਾਂ ਦੇ ਗੇੜ ਵਿਚ ਦੁੱਖ ਭੋਗਦਾ ਹੈ।
ਮੋਹ ਵਿਚ ਮਸਤ ਹੋ ਕੇ (ਮਾਇਆ ਨਾਲ) ਚੰਬੜਿਆ ਰਹਿੰਦਾ ਹੈ, ਹਉਮੈ ਦੇ ਕਾਰਨ ਜਨਮ ਮਰਨ ਵਿਚ ਪਿਆ ਰਹਿੰਦਾ ਹੈ।
ਜੋ ਬੰਦੇ ਇਸ ਜਨਮ ਵਿਚ ਸਾਧ ਜਨਾਂ ਦੀ ਸਰਨ ਆ ਪੈਂਦੇ ਹਨ,
ਹੇ ਨਾਨਕ! ਉਹਨਾਂ ਦੀਆਂ (ਮੋਹ ਤੋਂ ਉਪਜੀਆਂ) ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੩੦॥
(ਧਰਮਰਾਜ ਆਖਦਾ ਹੈ-) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ।
(ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀ ਬਚੋਗੇ ॥੧॥
ਪਉੜੀ
ਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ।
ਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ।