ਬਾਵਨ ਅਖਰੀ

(ਅੰਗ: 20)


ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥

ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ, ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ,

ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥

ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ।

ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥

ਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ,

ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥

ਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ,

ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥

ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ-ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ,

ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥

ਹੇ ਨਾਨਕ! ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ॥੩੧॥

ਸਲੋਕੁ ॥

ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥

ਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ)

ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥

ਹੇ ਨਾਨਕ! (ਆਖ-) ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ॥੧॥

ਪਉੜੀ ॥

ਪਉੜੀ

ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥

(ਹੇ ਭਾਈ!) ਉਸ ਗੋਬਿੰਦ ਰਾਇ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥

ਮਨ-ਇੱਛਤ ਫਲ ਹਾਸਲ ਕਰੇਂਗਾ, ਤੇਰੇ ਮਨ ਦੀ (ਤ੍ਰਿਸ਼ਨਾ-ਅੱਗ ਦੀ) ਤਪਸ਼ ਦੂਰ ਹੋ ਜਾਏਗੀ।

ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ (ਮੌਤ ਦਾ ਸਹਮ ਮੁੱਕ ਜਾਂਦਾ ਹੈ)।

ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥

(ਹੇ ਭਾਈ! ਨਾਮ ਦੀ ਬਰਕਤਿ ਨਾਲ) ਉੱਚੀ ਆਤਮਕ ਹਾਸਲ ਕਰੇਂਗਾ, ਤੇਰੀ ਅਕਲ ਰੌਸ਼ਨ ਹੋ ਜਾਏਗੀ ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਟਿਕੀ ਰਹੇਗੀ।

ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥

(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ;

ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥

ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ! ਇਹੀ ਅੰਤ ਤੇਰੇ ਕੰਮ ਆਵੇਗਾ।

ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥

(ਪ੍ਰਭੂ ਦਾ ਹੋ ਰਹੁ) ਜਦੋਂ ਪ੍ਰਭੂ ਆਪ ਦੁੱਖ-ਕਲੇਸ਼ ਦੂਰ ਕਰਨ ਵਾਲਾ (ਸਿਰ ਉਤੇ) ਹੋਵੇ ਤਾਂ ਕੋਈ ਮਾਨਸਕ ਕਲੇਸ਼ ਰਹਿ ਨਹੀਂ ਸਕਦਾ।

ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥

ਹੇ ਨਾਨਕ! (ਆਖ-) ਪ੍ਰਭੂ ਆਪ ਮਾਪਿਆਂ ਵਾਂਗ ਸਾਡੀ ਪਾਲਣਾ ਕਰਦਾ ਹੈ ॥੩੨॥

ਸਲੋਕੁ ॥

ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥

ਹੇ ਨਾਨਕ! ਮਾਇਆ-ਗ੍ਰਸੇ ਜੀਵ ਮਾਇਆ ਦੀ ਖ਼ਾਤਰ ਕਈ ਤਰ੍ਹਾਂ ਦੌੜ-ਭੱਜ ਕਰਦੇ ਹਨ, ਪਰ ਰੱਜਦੇ ਨਹੀਂ, ਤ੍ਰਿਸ਼ਨਾ ਮੁੱਕਦੀ ਨਹੀਂ;