ਗਉੜੀ ਗੁਆਰੇਰੀ ਮਹਲਾ ੫ ॥

ਕਈ ਜਨਮ ਭਏ ਕੀਟ ਪਤੰਗਾ ॥

(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ,

ਕਈ ਜਨਮ ਗਜ ਮੀਨ ਕੁਰੰਗਾ ॥

ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ।

ਕਈ ਜਨਮ ਪੰਖੀ ਸਰਪ ਹੋਇਓ ॥

ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ,

ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥

ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ॥੧॥

ਮਿਲੁ ਜਗਦੀਸ ਮਿਲਨ ਕੀ ਬਰੀਆ ॥

(ਹੇ ਭਾਈ!) ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।

ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥

ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ ॥੧॥ ਰਹਾਉ ॥

ਕਈ ਜਨਮ ਸੈਲ ਗਿਰਿ ਕਰਿਆ ॥

(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,

ਕਈ ਜਨਮ ਗਰਭ ਹਿਰਿ ਖਰਿਆ ॥

ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ।

ਕਈ ਜਨਮ ਸਾਖ ਕਰਿ ਉਪਾਇਆ ॥

ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ,

ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥

ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ॥੨॥

ਸਾਧਸੰਗਿ ਭਇਓ ਜਨਮੁ ਪਰਾਪਤਿ ॥

(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ,

ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥

ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ।

ਤਿਆਗਿ ਮਾਨੁ ਝੂਠੁ ਅਭਿਮਾਨੁ ॥

ਮਾਣ, ਝੂਠ ਤੇ ਅਹੰਕਾਰ ਛੱਡ ਦੇਹ।

ਜੀਵਤ ਮਰਹਿ ਦਰਗਹ ਪਰਵਾਨੁ ॥੩॥

ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ॥੩॥

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥

(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ।

ਅਵਰੁ ਨ ਦੂਜਾ ਕਰਣੈ ਜੋਗੁ ॥

(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ।

ਤਾ ਮਿਲੀਐ ਜਾ ਲੈਹਿ ਮਿਲਾਇ ॥

ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ,

ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥

ਹੇ ਨਾਨਕ! ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ॥੪॥੩॥੭੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗਉੜੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 176
ਲੜੀ ਸੰਃ: 10 - 16

ਰਾਗੁ ਗਉੜੀ

ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।