ਸੋਰਠਿ ਮਹਲਾ ੫ ॥

ਸਿਮਰਉ ਅਪੁਨਾ ਸਾਂਈ ॥

ਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,

ਦਿਨਸੁ ਰੈਨਿ ਸਦ ਧਿਆਈ ॥

ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ,

ਹਾਥ ਦੇਇ ਜਿਨਿ ਰਾਖੇ ॥

ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ,

ਹਰਿ ਨਾਮ ਮਹਾ ਰਸ ਚਾਖੇ ॥੧॥

ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥

ਅਪਨੇ ਗੁਰ ਊਪਰਿ ਕੁਰਬਾਨੁ ॥

ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥

(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥

ਨਾਨਕ ਜਨ ਸਰਨਾਈ ॥

ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,

ਜਿਨਿ ਪੂਰਨ ਪੈਜ ਰਖਾਈ ॥

ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,

ਸਗਲੇ ਦੂਖ ਮਿਟਾਈ ॥

ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।

ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥

ਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਸੋਰਠਿ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 630 - 631
ਲੜੀ ਸੰਃ: 18 - 2

ਰਾਗੁ ਸੋਰਠਿ

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਨਾਮ ਸਿਮਰਨ ਲਈ ਉੱਤਮ ਮੰਨਿਆ ਜਾਂਦਾ ਹੈ।