ਮਾਰੂ ਮਹਲਾ ੩ ॥

ਸੋ ਸਚੁ ਸੇਵਿਹੁ ਸਿਰਜਣਹਾਰਾ ॥

ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,

ਸਬਦੇ ਦੂਖ ਨਿਵਾਰਣਹਾਰਾ ॥

ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।

ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥

ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

ਆਪੇ ਸਚਾ ਸਚੁ ਵਰਤਾਏ ॥

ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।

ਇਕਿ ਜਨ ਸਾਚੈ ਆਪੇ ਲਾਏ ॥

ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।

ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥

ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥

ਧੁਰਿ ਭਗਤਾ ਮੇਲੇ ਆਪਿ ਮਿਲਾਏ ॥

ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,

ਸਚੀ ਭਗਤੀ ਆਪੇ ਲਾਏ ॥

ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।

ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥

(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥

ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,

ਏਕਸ ਬਿਨੁ ਕੋ ਅਵਰੁ ਨ ਜਾਣਹਿ ॥

(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।

ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥

(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥

ਆਪੇ ਸਾਜੇ ਸ੍ਰਿਸਟਿ ਉਪਾਏ ॥

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।

ਵਿਰਲੇ ਕਉ ਗੁਰਸਬਦੁ ਬੁਝਾਏ ॥

(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।

ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥

(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥

ਭੰਨੈ ਘੜੇ ਸਵਾਰੇ ਸਾਜੇ ॥

(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।

ਮਾਇਆ ਮੋਹਿ ਦੂਜੈ ਜੰਤ ਪਾਜੇ ॥

ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।

ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥

ਆਪੇ ਬਖਸੇ ਗੁਰ ਸੇਵਾ ਲਾਏ ॥

ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,

ਗੁਰਮਤੀ ਨਾਮੁ ਮੰਨਿ ਵਸਾਏ ॥

ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।

ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥

ਆਪੇ ਸਚਾ ਸਚੀ ਨਾਈ ॥

ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।

ਗੁਰਮੁਖਿ ਦੇਵੈ ਮੰਨਿ ਵਸਾਈ ॥

ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।

ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥

ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥

ਅਗਮ ਅਗੋਚਰੁ ਕੀਮਤਿ ਨਹੀ ਪਾਈ ॥

ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।

ਗੁਰਪਰਸਾਦੀ ਮੰਨਿ ਵਸਾਈ ॥

ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।

ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥

ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥

ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥

ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।

ਅੰਤੁ ਨ ਪਾਵਹਿ ਅਲਖ ਅਭੇਵਾ ॥

(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।

ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥

ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥

ਪੂਰੈ ਸਤਿਗੁਰਿ ਸੋਝੀ ਪਾਈ ॥

ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,

ਏਕੋ ਨਾਮੁ ਮੰਨਿ ਵਸਾਈ ॥

ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।

ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥

ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥

ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥

ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,

ਮਨਮੁਖ ਹੁਕਮੁ ਨ ਜਾਣਹਿ ਸਾਰਾ ॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।

ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥

ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥

ਗੁਰਪਰਸਾਦੀ ਹੁਕਮੁ ਪਛਾਣੈ ॥

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,

ਧਾਵਤੁ ਰਾਖੈ ਇਕਤੁ ਘਰਿ ਆਣੈ ॥

ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।

ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥

ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥

ਸਭ ਜਗ ਮਹਿ ਵਰਤੈ ਏਕੋ ਸੋਈ ॥

ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,

ਗੁਰਪਰਸਾਦੀ ਪਰਗਟੁ ਹੋਈ ॥

ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।

ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥

ਸਦਾ ਭਗਤ ਤੇਰੀ ਸਰਣਾਈ ॥

ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।

ਅਗਮ ਅਗੋਚਰ ਕੀਮਤਿ ਨਹੀ ਪਾਈ ॥

ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।

ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥

ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥

ਸਦਾ ਸਦਾ ਤੇਰੇ ਗੁਣ ਗਾਵਾ ॥

ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,

ਸਚੇ ਸਾਹਿਬ ਤੇਰੈ ਮਨਿ ਭਾਵਾ ॥

ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।

ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥

(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਮਾਰੂ
ਲਿਖਾਰੀ: ਗੁਰੂ ਅਮਰਦਾਸ ਜੀ
ਅੰਗ: 1053 - 1054
ਲੜੀ ਸੰਃ: 8 - 7

ਰਾਗੁ ਮਾਰੂ

ਮਾਰੂ ਨੂੰ ਰਵਾਇਤੀ ਤੌਰ ਤੇ ਜੰਗ ਦੀ ਤਿਆਰੀ ਵਿੱਚ ਜੰਗ ਦੇ ਮੈਦਾਨ ਵਿੱਚ ਗਾਇਆ ਜਾਂਦਾ ਸੀ।