ਰਹਰਾਸਿ ਸਾਹਿਬ

(ਅੰਗ: 17)


ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥

ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।

ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥

ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।

ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥

ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।

ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥

ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥

ਸਲੋਕੁ ਮਃ ੫ ॥

ਗੁਰੂ ਅਰਜਨਦੇਵ ਜੀ ਦਾ ਸਲੋਕ।

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ;

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

ਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ।

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

ਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥

ਮਃ ੫ ॥

ਰਖੇ ਰਖਣਹਾਰਿ ਆਪਿ ਉਬਾਰਿਅਨੁ ॥

ਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥

ਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥

ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

ਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।

ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥

ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।

ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥

ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥