ਬਾਵਨ ਅਖਰੀ

(ਅੰਗ: 33)


ਸਲੋਕੁ ॥

ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥

ਹੇ ਪ੍ਰਭੂ! ਅਸੀਂ ਜੀਵ ਮਾਇਕ ਪਦਾਰਥ ਹੀ ਖਾਂਦੇ ਪੀਂਦੇ, ਤੇ ਮਾਇਆ ਦੇ ਰੰਗ ਤਮਾਸ਼ਿਆਂ ਵਿਚ ਹੀ ਹੱਸਦੇ ਖੇਡਦੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਹਾਂ,

ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥

ਹੇ ਨਾਨਕ! (ਆਖ-) ਸਾਨੂੰ ਤੂੰ ਆਪ ਹੀ ਸੰਸਾਰ-ਸਮੁੰਦਰ ਵਿਚੋਂ ਕੱਢ, ਸਾਨੂੰ ਤੇਰਾ ਹੀ ਆਸਰਾ ਹੈ ॥੧॥

ਪਉੜੀ ॥

ਪਉੜੀ

ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥

ਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ।

ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥

ਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥

ਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ,

ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥

ਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।

ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥

ਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ।

ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥

ਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ।

ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥

(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।

ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥

ਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੫੩॥

ਸਲੋਕੁ ॥

ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥

ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ।

ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥

ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥

ਪਉੜੀ ॥

ਪਉੜੀ

ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥

ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿਚ ਹੀ ਰਚੇ ਹਨ।

ਅਖਰ ਕਰਿ ਕਰਿ ਬੇਦ ਬੀਚਾਰੇ ॥

ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ।

ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥

ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ।

ਅਖਰ ਨਾਦ ਕਥਨ ਵਖੵਾਨਾ ॥

ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।