ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ।
(ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ-ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦ੍ਰਿੱਸ਼ ਹੈ।
ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ,
ਪਰ ਹੇ ਨਾਨਕ! (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ ॥੫੪॥
ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ।
ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ)।
ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਹੇ ਨਾਨਕ! (ਆਖ-) ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ॥੧॥
ਪਉੜੀ
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!
ਹੇ ਸਾਰੇ ਜੀਵਾਂ ਵਿਚ ਵਿਆਪਕ ਪੂਰਨ ਪ੍ਰਭੂ! ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ!
ਹੇ ਸਭ ਦੇ ਸਾਥੀ! (ਤੇ ਫਿਰ ਭੀ) ਆਕਾਰ-ਰਹਿਤ ਪ੍ਰਭੂ! ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ! ਹੇ ਸਭ ਜੀਵਾਂ ਦੇ ਆਸਰੇ!
ਹੇ ਸ੍ਰਿਸ਼ਟੀ ਦੀ ਸਾਰ ਲੈਣ ਵਾਲੇ! ਹੇ ਗੁਣਾਂ ਦੇ ਖ਼ਜ਼ਾਨੇ! ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ!
ਹੇ ਪਰੇ ਤੋਂ ਪਰੇ ਪ੍ਰਭੂ! ਤੂੰ ਹੁਣ ਭੀ ਮੌਜੂਦ ਹੈਂ, ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈਂ।
ਹੇ ਸੰਤਾਂ ਦੇ ਸਦਾ ਸਹਾਈ! ਹੇ ਨਿਆਸਰਿਆਂ ਦੇ ਆਸਰੇ!
ਹੇ ਸ੍ਰਿਸ਼ਟੀ ਦੇ ਪਾਲਕ! ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣ-ਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ਹੈ।
ਮੈਨੂੰ ਆਪਣੇ ਨਾਮ ਦਾ ਦਾਨ ਬਖ਼ਸ਼, (ਇਹ ਦਾਨ) ਮੈਂ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖਾਂ ॥੫੫॥
ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।